ਚੰਡੀਗੜ੍ਹ: ਪਿਛਲੇ ਦਿਨੀਂ ਇੰਗਲੈਂਡ ਵਿੱਚ ਮਨੀ ਲਾਂਡਰਿੰਗ ਦੇ ਦੋਸ਼ ਵਿੱਚ 70 ਸਾਲਾਂ ਦੀ ਕੈਦ ਦੀ ਸਜ਼ਾ ਪਾਉਣ ਵਾਲੇ ਵਿਅਕਤੀਆਂ ਨੂੰ ਸਿੱਖਾਂ ਵਜੋਂ ਪੇਸ਼ ਕੀਤਾ ਜਾਣਾ ਨਿੰਦਣਯੋਗ ਹੈ ਤੇ ਇਹ ਸਿੱਖ ਅਕਸ ਨੂੰ ਵਿਗਾੜਣ ਦੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਯਤਨਾਂ ਦਾ ਹੀ ਇੱਕ ਹਿੱਸਾ ਹੈ। ਇਹ ਵਿਚਾਰ ਪ੍ਰਗਟਾਉਂਦਿਆਂ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਇਸ ਕੇਸ ਵਿੱਚ ਸ਼ਾਮਲ ਬਹੁਤੇ ਵਿਅਕਤੀ ਸਿੱਖਾਂ ਵਰਗੇ ਨਜ਼ਰ ਆਉਣ ਵਾਲੇ ਅਫ਼ਗਾਨੀ ਮੂਲ ਦੇ ਲੋਕ ਹਨ ਤੇ ਇਸੇ ਤੱਥ ਦਾ ਲਾਹਾ ਲੈਂਦਿਆਂ ਭਾਰਤ ਵਿਚਲੇ ਸਿੱਖ ਵਿਰੋਧੀ ਮੀਡੀਏ ਦੇ ਹੱਥ ਸਿੱਖਾਂ ਨੂੰ ਭੰਡਣ ਦਾ ਮੌਕਾ ਆ ਗਿਆ।
ਜ਼ਿਕਰਯੋਗ ਹੈ ਕਿ 2017 ਅਤੇ 2019 ਦੇ ਵਿਚਕਾਰ ਦੁਬਈ ਦੀਆਂ ਸੈਂਕੜੇ ਯਾਤਰਾਵਾਂ ਕਰਦੇ ਹੋਏ, ਯੂ.ਕੇ. ਤੋਂ ਲਗਭਗ 70 ਮਿਲੀਅਨ ਪੌਂਡ ਦੀ ਨਕਦੀ ਲਗਭਗ 70 ਕਰੋੜ ਭਾਰਤੀ ਕਰੰਸੀ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਦੀ ਜਾਂਚ ਤੋਂ ਬਾਅਦ 16 ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਕਲਾਸ ਏ ਡਰੱਗਜ਼ ਦੀ ਵਿਕਰੀ ਅਤੇ ਸੰਗਠਿਤ ਇਮੀਗ੍ਰੇਸ਼ਨ ਅਪਰਾਧ ਤੋਂ ਪੈਸਾ ਕਮਾਇਆ ਸੀ। ਇਸੇ ਕੇਸ ਨੂੰ ਆਧਾਰ ਬਣਾ ਕੇ ਇਸ ਕਿਸਮ ਦੇ ਮੀਡੀਏ ਵੱਲੋਂ ਸਿੱਖਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਕੋਈ ਇੱਕ ਮਿਸਾਲ ਨਹੀਂ ਹੈ ਸਗੋਂ ਅਜਿਹੇ ਕੋਝੇ ਯਤਨ ਲਗਾਤਾਰ ਜਾਰੀ ਹਨ। ਵੱਖ-ਵੱਖ ਦੇਸ਼ਾਂ ਵਿੱਚ ਮੰਦਰਾਂ ਵਿੱਚ ਹੋਈਆਂ ਬੇਅਦਬੀ ਦੀਆਂ ਕੱਥਿਤ ਘਟਨਾਵਾਂ ਅਤੇ ਫਿਰ ਇਨ੍ਹਾਂ ਨੂੰ ਲੈ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਚਲਾਈ ਜਾ ਰਹੀ ਮੁਹਿੰਮ ਵੀ ਇਸ ਮਕਸਦ ਦਾ ਇੱਕ ਹਿੱਸਾ ਹੈ ਕਿਉਂਕਿ ਹਾਲ ਹੀ ਵਿੱਚ ਆਸਟ੍ਰੇਲੀਅਨ ਪੁਲਿਸ ਵੱਲੋਂ ਮੰਦਰ ਦੀ ਘਟਨਾ ਸਬੰਧੀ ਕੀਤੀ ਗਏ ਪੜਤਾਲੀਆ ਦਾਅਵੇ ਨੇ ਇਨ੍ਹਾਂ ਘਟਨਵਾਂ ਪਿਛਲੀ ਸਚਾਈ ਜੱਗ ਜ਼ਾਹਰ ਕਰ ਦਿੱਤੀ ਹੈ ਕਿ ਅਜਿਹੀਆਂ ਘਟਨਵਾਵਾਂ ਸਿੱਖਾਂ ਨੂੰ ਬਦਨਾਮ ਕਰ ਕੇ ਬਾਕੀ ਦੁਨੀਆਂ ਤੋਂ ਅਲੱਗ-ਥਲੱਗ ਕਰ ਦੇਣ ਦੀ ਇਹ ਇੱਕ ਵੱਡੀ ਯੋਜਨਾਬੰਦੀ ਦਾ ਇੱਕ ਹਿੱਸਾ ਹਨ ਤਾਂ ਜੋ ਸਿੱਖਾਂ ’ਤੇ ਜੇ ਕੋਈ ਵੱਡਾ ਜ਼ੁਲਮ ਵੀ ਢਾਹ ਲਿਆ ਜਾਵੇ ਤਾਂ ਦੁਨੀਆਂ ਵਿੱਚ ਕਿਧਰੋਂ ਵੀ ਉਨ੍ਹਾਂ ਦੇ ਹੱਕ ਵਿੱਚ ਆਵਾਜ਼ ਨਾ ਉੱਠ ਸਕੇ।